1. ਹੰਕਾਰ ਤੋਂ ਸ਼ੁਰੂਆਤ

ਸ੍ਰੀਮਦ ਭਗਵਤ ਗੀਤਾ ਕੁਰੂਕਸ਼ੇਤਰ ਦੇ ਯੁੱਧ ਵਿੱਚ ਭਗਵਾਨ ਕ੍ਰਿਸ਼ਨ ਅਤੇ ਯੋਧਾ ਅਰਜਨ ਵਿਚਕਾਰ 700 ਸਲੋਕਾਂ ਦਾ ਇਕ  ਵਿਚਾਰ-ਵਟਾਂਦਰਾ ਹੈ।

ਯੁੱਧ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਅਰਜਨ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਯੁੱਧ ਵਿੱਚ ਉਸ ਦੇ ਕਈ ਪਰਿਵਾਰ ਵਾਸੀ ਅਤੇ ਮਿੱਤਰ ਮਾਰੇ ਜਾ ਸਕਦੇ ਹਨ ਅਤੇ ਉਸ ਅਨੁਸਾਰ ਅਜਿਹਾ ਕਾਰਜ ਕਈ ਦ੍ਰਿਸ਼ਟੀਕੋਣਾਂ ਤੋਂ ਬੁਰਾ ਹੈ।

ਅਰਜਨ ਦੀ ਇਹ ਦੁਬਿਧਾ (ਦੁਚਿੱਤੀ) ਉਸ ਦੀ ਇਸ ਧਾਰਨਾ ਤੋਂ ਪੈਦਾ ਹੁੰਦੀ ਹੈ ਕਿ ਮੈਂ ਕਰਤਾ ਹਾਂ’—ਅਹੰਕਰਤਾ, ਜਿਹੜਾ ਹੰਕਾਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਹੰਕਾਰ ਸਾਨੂੰ ਦੱਸਦਾ ਰਹਿੰਦਾ ਹੈ ਕਿ ਮੈਂ ਬਾਕੀਆਂ ਤੋਂ ਅਲੱਗ ਹਾਂ, ਪਰ ਸੱਚਾਈ ਕੁੱਝ ਹੋਰ ਹੈ। ਭਾਵੇਂ ਘਮੰਡ ਨੂੰ ਹੰਕਾਰ ਦੇ ਰੂਪ ਵਿੱਚ ਹੀ ਜਾਣਿਆ ਜਾਂਦਾ ਹੈ, ਪਰ ਘਮੰਡ ਨੂੰ ਹੰਕਾਰ ਦੀਆਂ ਕਈ ਕਿਸਮਾਂ ਵਿਚੋਂ ਇੱਕ ਦੇ ਰੂਪ ਵਿੱਚ ਵੀ ਲਿਆ ਜਾ ਸਕਦਾ ਹੈ।

ਸ੍ਰੀਕ੍ਰਿਸ਼ਨ ਅਤੇ ਅਰਜਨ ਵਿਚਕਾਰ ਇਹ ਪੂਰੀ ਗੱਲਬਾਤ ਇਸੇ ਅਹੰਭਾਵ ਦੇ ਬਾਰੇ ਵਿੱਚ ਹੈ, ਭਾਵੇਂ ਸੁਚੇਤ ਜਾਂ ਅਚੇਤ ਰੂਪ ਵਿੱਚ ਹੋਵੇ ਅਤੇ ਸ੍ਰੀਕ੍ਰਿਸ਼ਨ ਜੀ ਅਰਜਨ ਨੂੰ ਅਨੇਕ ਮਾਰਗਾਂ ਅਤੇ ਮਾਨਦੰਡਾਂ ਦੀ ਜਾਣਕਾਰੀ ਦਿੰਦੇ ਹਨ।

ਜੇ ਕੁਰੂਕਸ਼ੇਤਰ ਦੇ ਯੁੱਧ ਨੂੰ ਇਕ ਰੂਪਕ ਦੇ ਤੌਰ ਤੇ ਵੇਖਿਆ ਜਾਵੇ ਤਾਂ ਅਸੀਂ ਸਾਰੇ ਹੀ ਅਰਜਨ ਦੀ ਤਰ੍ਹਾਂ ਆਪਣੇ ਰੋਜ਼ਾਨਾ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ, ਭਾਵੇਂ ਉਹ ਪਰਿਵਾਰ ਹੋਵੇ, ਕਾਰਜ ਸਥਾਨ, ਸਿਹਤ, ਧੰਨ ਦੌਲਤ ਜਾਂ ਰਿਸ਼ਤਿਆਂ ਆਦਿ ਨਾਲ ਸੰਬੰਧਤ ਹੋਵੇ। ਜਦੋਂ ਤੱਕ ਅਸੀਂ ਜਿਊਂਦੇ ਹਾਂ, ਹੰਕਾਰ ਨੂੰ ਸਮਝਣ ਲਈ ਅਜਿਹੀਆਂ ਦੁਬਿਧਾਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ।

ਗੀਤਾ ਸਾਨੂੰ ਇਹ ਦੱਸਦੀ ਹੈ ਕਿ ਅਸੀਂ ਕੀ ਹਾਂ? ਇਸ ਬਾਰੇ ਵਿੱਚ ਨਹੀਂ ਕਿ ਅਸੀਂ ਕੀ ਜਾਣਦੇ ਹਾਂ ਅਤੇ ਕੀ ਕਰਦੇ ਹਾਂ? ਜਿਵੇਂ ਕੋਈ ਵੀ ਸਿਧਾਂਤ ਸਾਨੂੰ ਸਾਈਕਲ ਚਲਾਉਣਾ ਜਾਂ ਤੈਰਨਾ ਨਹੀਂ ਸਿਖਾ ਸਕਦਾ ਠੀਕ ਉਸੇ ਤਰ੍ਹਾਂ ਕੋਈ ਵੀ ਫਿਲਾਸਫੀ ਸਾਡੀ ਮਦਦ ਨਹੀਂ ਕਰ ਸਕਦੀ ਜਦੋਂ ਤੱਕ ਅਸੀਂ ਜੀਵਨ ਨੂੰ ਖੁੱਲ੍ਹੇ ਮਨ ਅਨੁਭਵ ਨਹੀਂ ਕਰਦੇ। ਗੀਤਾ ਦੇ ਮਾਰਗ ਦਰਸ਼ਕ ਸਿਧਾਂਤ ਸਾਨੂੰ ਹੰਕਾਰ ਤੋਂ ਮੁਕਤ ਹੋ ਕੇ ਅੰਤਰ ਆਤਮਾਂ ਤੱਕ ਪਹੁੰਚਣ ਵਿੱਚ ਮਦਦ ਕਰਨਗੇ।

ਪਹਿਲੀ ਨਜ਼ਰੇ ਵੇਖਿਆਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੁਆਰਾ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤੇ ਜਾਣ ਤੋਂ ਬਾਦ ਸਮੇਂ ਵਿੱਚ ਬਦਲਾਅ ਆ ਗਿਆ ਹੈ। ਭਾਵੇਂ ਨਿਸ਼ਚਿਤ ਰੂਪ ਵਿੱਚ ਪਿਛਲੀਆਂ ਕੁੱਝ ਸਦੀਆਂ ਵਿੱਚ ਵਿਗਿਆਨ ਦੇ ਵਿਕਾਸ ਨਾਲ ਬਹੁਤ ਸਾਰੇ ਪਰਿਵਰਤਨ ਵਾਪਰੇ ਹਨ, ਪਰ ਸੱਚਾਈ ਇਹ ਹੈ ਕਿ ਕਾਰਜਗਤ ਉੱਨਤੀ ਦੇ ਦ੍ਰਿਸ਼ਟੀਕੋਣ ਤੋਂ ਮਨੁੱਖ ਅੱਗੇ ਵਿਕਸਤ ਨਹੀਂ ਹੋਇਆ ਹੈ। ਦੁਬਿਧਾ ਦਾ ਅੰਦਰੂਨੀ ਪੱਖ ਉਹੀ ਰਹਿੰਦਾ ਹੈ। ਰੁੱਖਾਂ ਵਾਂਗੂੰ ਬਾਹਰੀ ਵਿਖਾਵੇ ਵਿੱਚ ਅੰਤਰ ਹੋ ਸਕਦਾ ਹੈ, ਪਰ ਜੜ੍ਹਾਂ ਵਰਗੇ ਅੰਦਰੂਨੀ ਭਾਗ ਵਿੱਚ ਕੋਈ ਫ਼ਰਕ ਨਹੀਂ ਪਿਆ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ