34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ


ਗੀਤਾ ਦੇ ਇਕ ਮਹੱਤਵਪੂਰਨ ਸਲੋਕ 2.47 ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਰਮ ਕਰਨ ਦਾ ਹੀ ਅਧਿਕਾਰ ਹੈ, ਉਸਦੇ ਪਰਿਣਾਮ ਜਾਂ ਕਰਮਫਲ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਹੈ। ਉਹ ਅੱਗੇ ਕਹਿੰਦੇ ਹਨ ਕਿ ਕਰਮਫਲ ਸਾਡੇ ਕਿਸੇ ਵੀ ਕਰਮ (ਕਾਰਜ) ਲਈ ਪ੍ਰੇਰਣਾ ਨਹੀਂ ਹੋਣਾ ਚਾਹੀਦਾ ਅਤੇ ਇਹ ਵੀ ਜ਼ਰੂਰੀ ਹੈ ਕਿ ਸਾਨੂੰ ਅਕਰਮ ਦੇ ਵੱਲ ਝੁੱਕਣਾ ਨਹੀਂ ਚਾਹੀਦਾ। ਇਹ ਗੀਤਾ ਦਾ ਬਹੁਤ ਹੀ ਮਹੱਤਵਪੂਰਨ ਸਲੋਕ ਹੈ ਕਿਉਂਕਿ ਜੀਵਨ ਦੇ ਵੱਖ-ਵੱਖ ਮੌਕਿਆਂ ਤੇ ਇਸ ਨੂੰ ਵੇਖਿਆ ਜਾ ਸਕਦਾ ਹੈ।

ਸ੍ਰੀ ਕ੍ਰਿਸ਼ਨ ਇਸ਼ਾਰਾ ਕਰਦੇ ਹਨ ਕਿ ਸ਼ਰਧਾ ਚਮਤਕਾਰ ਕਰ ਸਕਦੀ ਹੈ (7.21-7.22)। ਇਸ ਸ਼ਲੋਕ ਦਾ ਸਭ ਤੋਂ ਅਸਾਨ ਢੰਗ ਇਹ ਹੈ ਕਿ ਸ੍ਰੀ ਕ੍ਰਿਸ਼ਨ ਉੱਤੇ ਸ਼ਰਧਾ ਰੱਖ ਕੇ, ਬਿਨਾ ਕਿਸੇ ਤਰਕ ਤੋਂ ਗਹਿਰਾਈ ਵਿੱਚ ਉਤਰ ਕੇ, ਜਾਂ ਇਸਦੇ ਵਿਭਿੰਨ ਪਹਿਲੂਆਂ ਦੇ ਵਿਸ਼ਲੇਸ਼ਣ ਦਾ ਯਤਨ ਕੀਤੇ ਬਗੈਰ, ਆਪਣੇ ਜੀਵਨ ਵਿੱਚ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ। ਸਾਨੂੰ ਸ੍ਰੀ ਕ੍ਰਿਸ਼ਨ ਵਿੱਚ ਆਪਣੀ ਸ਼ਰਧਾ ਗਹਿਰੀ ਕਰਨੀ ਚਾਹੀਦੀ ਹੈ ਅਤੇ ਇਸਦਾ ਅਭਿਆਸ ਸ਼ੁਰੂ ਕਰਨਾ ਚਾਹੀਦਾ ਹੈ। ਇਸ ਸਲੋਕ ਦੇ ਸ਼ਾਬਦਿਕ ਅਰਥਾਂ ਨੂੰ ਵਿਹਾਰ ਵਿੱਚ ਲਿਆਉਣਾ ਹੀ ਸਾਨੂੰ ਕਰਮਯੋਗ ਦੇ ਸਿਖਰ ਤੇ ਲੈ ਕੇ ਜਾ ਸਕਦਾ ਹੈ।

ਇਸ ਦਾ ਦੂਜਾ ਪੱਖ ਇਹ ਹੈ ਕਿ ਆਪਣੇ ਕਰਮਾਂ ਦੇ ਫਲ ਉੱਤੇ ਧਿਆਨ ਕੇਂਦਰਿਤ ਕਰਨ ਨਾਲ ਅਸੀਂ ਖੁਦ ਕਰਮ ਤੋਂ ਦੂਰ ਹੋ ਜਾਵਾਂਗੇ ਅਤੇ ਇਸ ਦਾ ਨਤੀਜਾ ਇਹ ਹੋਵੇਗਾ ਕਿ ਅਸੀਂ ਕਰਮ ਫਲ ਤੋਂ ਹੀ ਵਾਂਝੇ ਰਹਿ ਜਾਵਾਂਗੇ। ਜਿਵੇਂ ਇਕ ਵਿਦਿਆਰਥੀ ਦੁਆਰਾ ਖਰਾਬ ਢੰਗ ਨਾਲ ਕੀਤਾ ਗਿਆ ਕਰਮ ਜਾਂ ਪੜ੍ਹਾਈ, ਕਦੇ ਵੀ ਮਨਬਾਂਛਿਤ ਕਰਮ ਦੇ ਫਲ ਜਾਂ ਇਮਤਿਹਾਨ ਦਾ ਚੰਗਾ ਨਤੀਜਾ, ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸ੍ਰੀ ਕ੍ਰਿਸ਼ਨ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸਾਨੂੰ ਹਰ ਇਕ ਸਥਿਤੀ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਉੱਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਤੀਜਾ ਪੱਖ ਇਹ ਕਿ ਕਰਮ ਹਮੇਸ਼ਾ ਵਰਤਮਾਨ ਸਮੇਂ ਵਿੱਚ ਹੁੰਦਾ ਹੈ ਅਤੇ ਕਰਮ ਫਲ ਹਮੇਸ਼ਾ ਭਵਿੱਖ ਵਿੱਚ ਹੁੰਦਾ ਹੈ, ਜਿਹੜਾ ਕਈ ਸੰਭਾਵਨਾਵਾਂ ਦਾ ਸੰਜੋਗ ਹੁੰਦਾ ਹੈ। ਸ੍ਰੀ ਕ੍ਰਿਸ਼ਨ ਹਮੇਸ਼ਾ ਵਰਤਮਾਨ ਵਿੱਚ ਰਹਿਣ ਦੀ ਸਲਾਹ ਦਿੰਦੇ ਹਨ ਕਿਉਂਕਿ ਸਾਡੇ ਨਿਯੰਤਰਣ ਵਿੱਚ ਸਿਰਫ਼ ਵਰਤਮਾਨ ਹੈ, ਅਤੇ ਭਵਿੱਖ ਜਾਂ ਭੂਤਕਾਲ ਉੱਤੇ ਸਾਡਾ ਕੋਈ ਨਿਯੰਤਰਣ ਨਹੀਂ ਹੁੰਦਾ ਹੈ।

ਸਾਡਾ ਦ੍ਰਿਸ਼ਟੀਕੋਣ ਜਾਂ ਸਮਝ ਭਾਵੇਂ ਕੁੱਝ ਵੀ ਹੋਵੇ, ਇਸ ਸਲੋਕ ਵਿੱਚ, ਸੁੱਖ-ਦੁੱਖ ਦੀਆਂ ਕਦੇ ਵੀ ਖ਼ਤਮ ਨਾ ਹੋਣ ਵਾਲੀਆਂ ਲਹਿਰਾਂ ਨੂੰ ਪਾਰ ਕਰਨ ਵਿੱਚ ਸਾਡੀ ਮਦਦ ਕਰ ਕੇ, ਸਾਡੇ ਵਿੱਚ ਸਮਤਵ (ਸੰਤੁਲਨ) ਲਿਆਉਣ ਦੀ ਸਮਰੱਥਾ ਹੈ।


Comments

Popular posts from this blog

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ