9. ਮਿੱਤਰ ਅਤੇ ਦੁਸ਼ਮਣ ਦੀ ਪਛਾਣ
ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਤੁਸੀਂ ਆਪ ਹੀ
ਆਪਣੇ ਦੋਸਤ ਹੋ ਅਤੇ ਆਪ ਹੀ ਆਪਣੇ ਦੁਸ਼ਮਣ ਹੋ। ਇਕ ਸੁਰਾਹੀ ਵਿੱਚ ਫਸੇ ਬਾਂਦਰ ਦੀ ਕਹਾਣੀ ਇਸ ਨੂੰ
ਚੰਗੀ ਤਰ੍ਹਾਂ ਨਾਲ ਦਰਸਾਉਂਦੀ ਹੈ।
ਕੁੱਝ ਮੇਵਿਆਂ ਨੂੰ ਇਕ ਸੁਰਾਹੀ ਵਿੱਚ ਪਾ ਕੇ ਰੱਖਿਆ ਜਾਂਦਾ ਹੈ, ਜਿਸ ਵਿੱਚ ਬਾਂਦਰ
ਦਾ ਹੱਥ ਮੁਸ਼ਕਲ ਨਾਲ ਹੀ ਅੰਦਰ ਜਾ ਸਕਦਾ ਹੈ। ਬਾਂਦਰ ਸੁਰਾਹੀ ਦੇ ਮੂੰਹ ਵਿਚ ਆਪਣਾ ਹੱਥ ਪਾਉਂਦਾ
ਹੈ ਅਤੇ ਮੇਵਿਆਂ ਦੀ ਮੁੱਠੀ ਭਰ ਲੈਂਦਾ ਹੈ। ਮੁੱਠੀ ਭਰਨ ਨਾਲ ਹੱਥ ਦਾ ਅਕਾਰ ਵੱਡਾ ਹੋ ਜਾਂਦਾ ਹੈ
ਤੇ ਉਹ ਸੁਰਾਹੀ ਤੋਂ ਬਾਹਰ ਨਹੀਂ ਨਿਕਲ ਸਕਦਾ। ਮੇਵਿਆਂ ਨਾਲ ਭਰੀ ਹੋਈ ਮੁੱਠੀ ਨੂੰ ਸੁਰਾਹੀ ਤੋਂ
ਬਾਹਰ ਕੱਢਣ ਲਈ ਬਾਂਦਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ। ਉਹ ਸੋਚਦਾ ਰਹਿੰਦਾ ਹੈ ਕਿ ਉਸ ਲਈ ਕਿਸੇ
ਨੇ ਜਾਲ ਵਿਛਾਇਆ ਹੈ ਅਤੇ ਉਸ ਨੂੰ ਇਹ ਖ਼ਿਆਲ ਹੀ ਨਹੀਂ ਆਉਂਦਾ ਕਿ ਆਪਣੇ ਵਿਰੁੱਧ ਇਹ ਜਾਲ ਖ਼ੁਦ ਉਸ
ਨੇ ਹੀ ਵਿਛਾਇਆ ਹੈ। ਕੋਈ ਵੀ ਸਲਾਹ ਬਾਂਦਰ ਨੂੰ ਇਹ ਮੇਵੇ ਛੱਡ ਦੇਣ ਲਈ ਨਹੀਂ ਮਨਾ ਸਕਦੀ ਕਿਉਂਕਿ
ਉਹ ਸੋਚੇਗਾ ਕਿ ਅਸੀਂ ਉਸ ਦੇ ਮੇਵਿਆਂ ਨੂੰ ਹੜਪਣ ਦੀ ਕੋਸ਼ਿਸ਼ ਕਰ ਰਹੇ ਹਾਂ।
ਬਾਹਰੋਂ ਵੇਖਣ ਨੂੰ ਇਹ ਕਾਫ਼ੀ ਸਰਲ ਲੱਗਦਾ ਹੈ ਕਿ ਮੁੱਠੀ ਨੂੰ ਢਿੱਲਾ
ਕਰਨ ਲਈ ਉਸ ਵਿੱਚੋਂ ਕੁੱਝ ਮੇਵਿਆਂ ਨੂੰ ਅੰਦਰ ਹੀ ਸੁੱਟਣਾ ਪਵੇਗਾ, ਤਾਂ ਕਿ ਉਸ ਦਾ ਹੱਥ ਬਾਹਰ ਆ ਜਾਏ। ਪਰ ਜਦੋਂ ਅਸੀਂ ਫਸ
ਜਾਂਦੇ ਹਾਂ ਤਾਂ ਇਸ ਸਰਲ ਤੱਥ ਨੂੰ ਮਹਿਸੂਸ ਕਰਨਾ ਹੀ ਸਾਡੇ ਲਈ ਇਕ ਚੁਣੌਤੀ ਹੁੰਦੀ ਹੈ।
ਬੰਦ ਮੁੱਠੀ ਸਾਡੀ ਦੁਸ਼ਮਣ ਹੈ, ਅਤੇ ਖੁੱਲ੍ਹਾ ਹੱਥ ਸਾਡਾ ਦੋਸਤ ਹੈ ਅਤੇ ਇਸ ਨੂੰ ਸਮਝ
ਕੇ ਅਸੀਂ ਖ਼ੁਦ ਨੂੰ ਆਪਣਾ ਦੋਸਤ ਜਾਂ ਦੁਸ਼ਮਣ ਬਣਾ ਸਕਦੇ ਹਾਂ।
ਜੀਵਨ ਵਿੱਚ ਅਸੀਂ ਇਹੋ ਜਿਹੇ ਹੀ ਬਹੁਤ ਸਾਰੇ ਜਾਲਾਂ ਦਾ ਸਾਹਮਣਾ ਕਰਦੇ
ਹਾਂ। ਉਹ ਮੇਵੇ ਹੋਰ ਕੁੱਝ ਨਹੀਂ ਸਗੋਂ ‘ਮੈਂ’ ਅਤੇ ‘ਮੇਰਾ’ ਹੈ। ਸਾਡਾ ਹੰਕਾਰ ਉਨ੍ਹਾਂ ਨਾਲ ਸਾਡੇ ਹੱਥ ਨੂੰ ਬੰਨ੍ਹਦਾ ਹੈ। ਗੀਤਾ
ਬਾਰ-ਬਾਰ ਸਾਨੂੰ ਹੰਕਾਰ ਨੂੰ ਛੱਡਣ ਲਈ ਕਈ ਤਰ੍ਹਾਂ ਨਾਲ ਕਹਿੰਦੀ ਹੈ ਤਾਂ ਕਿ ਅਸੀਂ ਇਨ੍ਹਾਂ
ਜਾਲ਼ਾਂ ਤੋਂ ਮੁਕਤ ਹੋ ਕੇ ਪਰਮ ਸੁਤੰਤਰਤਾ ਨੂੰ ਪ੍ਰਾਪਤ ਕਰ ਸਕੀਏ।
ਇਨ੍ਹਾਂ ਜਾਲਾਂ ਦੇ ਬਾਰੇ ਵਿੱਚ ਅਹਿਸਾਸ ਉਦੋਂ ਆਸਾਨ ਹੋ ਜਾਂਦਾ ਹੈ ਜਦੋਂ ਅਸੀਂ ਬਹੁਤ ਸ਼ੋਰ-ਸ਼ਰਾਬੇ ਨਾਲ ਤੇਜ਼ ਗਤੀ ਵਾਲੀ ਦੁਨੀਆਂ ਤੋਂ ਹੱਟ ਕੇ ਆਪਣੀ ਗਤੀ ਨੂੰ ਹੌਲੀ ਕਰਦੇ ਹਾਂ।
Comments
Post a Comment