11. ਦੁੱਖ ਸੁੱਖਾਂ ਦੇ ਪਿੱਛੇ ਚਲਦਾ ਹੈ


ਦਵੰਧਾਤੀਤ’, ਅਰਥਾਤ ਦਵੈਤ ਨੂੰ ਪਾਰ ਕਰਨਾ, ਗੀਤਾ ਦਾ  ਇਕ ਹੋਰ ਸਪੱਸ਼ਟ ਨਿਰਦੇਸ਼ ਹੈ। ਸ੍ਰੀ ਕ੍ਰਿਸ਼ਨ ਵਾਰ-ਵਾਰ ਅਰਜਨ ਨੂੰ ਇਸ ਅਵਸਥਾ ਨੂੰ ਪ੍ਰਾਪਤ ਕਰਨ ਦੀ ਸਲਾਹ ਦਿੰਦੇ ਹਨ।

ਇਕ ਆਮ ਪ੍ਰਸ਼ਨ ਜੋ ਮਾਨਵਤਾ ਨੂੰ ਹੈਰਾਨ ਕਰਦਾ ਹੈ ਕਿ ਜਦੋਂ ਅਸੀਂ ਸੁੱਖ ਪ੍ਰਾਪਤ ਕਰਨ ਲਈ ਇਮਾਨਦਾਰੀ ਨਾਲ ਮਿਹਨਤ ਕਰਦੇ ਹਾਂ ਤਾਂ ਵੀ ਭੈੜੀ ਸਥਿਤੀ ਜਾਂ ਦੁੱਖ ਕਿਉਂ ਸਾਡੇ ਕੋਲ ਪਹੁੰਚ ਜਾਂਦੇ ਹਨ। ਆਪਣੇ ਅੰਦਰ ਗਹਿਰਾਈ ਨਾਲ ਝਾਕਣ ਦੀ ਬਜਾਇ ਅਸੀਂ ਇਹ ਕਹਿ ਕੇ ਆਪਣੇ ਆਪ ਨੂੰ ਸਮੇਟ ਲੈਂਦੇ ਹਾਂ ਕਿ ਸ਼ਾਇਦ ਸਾਡੇ ਯਤਨਾਂ ਵਿੱਚ ਕੋਈ ਕਮੀ ਰਹੀ ਹੋਵੇਗੀ। ਭਾਵੇਂ ਆਸ ਦੇ ਨਾਲ-ਨਾਲ ਹੰਕਾਰ ਵੀ ਸਾਨੂੰ ਸੁੱਖ ਦੀ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਅਜਿਹਾ ਜੀਵਨ ਦੇ ਅੰਤ ਤੱਕ ਚੱਲਦਾ ਰਹਿੰਦਾ ਹੈ। ਦਵੰਧਾਤੀਤ ਦੀ ਸਮਝ ਸਾਡੀ ਇਸ ਸਮੱਸਿਆ ਨੂੰ ਸੁਲਝਾਉਂਦੀ ਹੈ।

ਸਾਡੀ ਪ੍ਰਤੱਖ ਦੁਨੀਆਂ ਵਿੱਚ ਹਰ ਇਕ ਚੀਜ਼ ਆਪਣੇ ਬੁਨਿਆਦੀ ਰੂਪ ਵਿੱਚ ਵਿਪਰੀਤ ਰਿਸ਼ਤਿਆਂ ਜਾਂ ਦਵੰਦ ਦੇ ਰੂਪ ਵਿੱਚ ਮੌਜੂਦ ਹੈ। ਜਨਮ ਦਾ ਵਿਪਰੀਤ ਮੌਤ ਹੈ, ਸੁੱਖ ਦਾ ਵਿਪਰੀਤ ਦੁੱਖ ਹੈ, ਇਸੇ ਤਰ੍ਹਾਂ ਹਾਰ ਦਾ ਜਿੱਤ, ਲਾਭ ਦਾ ਹਾਨੀ, ਜੋੜਨਾ ਦਾ ਘਟਾਉਣਾ, ਪ੍ਰਸ਼ੰਸਾ ਦਾ ਆਲੋਚਨਾ, ਸ਼ਰਤਾਂ ਸਹਿਤ ਪਿਆਰ ਦਾ ਘਿ੍ਰਣਾ ਆਦਿ ਤੇ ਇਹ ਸੂਚੀ ਖ਼ਤਮ ਹੀ ਨਹੀਂ ਹੋਵੇਗੀ।

ਨਿਯਮ ਇਹ ਹੈ ਕਿ ਇਨ੍ਹਾਂ ਵਿੱਚੋਂ ਜਦੋਂ ਕਿਸੇ ਇਕ ਦਾ ਪਿੱਛਾ ਕਰਦੇ ਹਾਂ ਤਾਂ ਇਸ ਦਾ ਉਲਟ ਭਾਵ ਆਪਣੇ ਆਪ ਹੀ ਉਸਦਾ ਪਿੱਛਾ ਕਰਦਾ ਹੈ। ਜਦੋਂ ਅਸੀਂ ਕਿਸੇ ਸੋਟੀ ਨੂੰ ਇਕ ਸਿਰੇ ਤੋਂ ਉੱਪਰ ਚੁੱਕਦੇ ਹਾਂ ਤਾਂ ਦੂਜਾ ਸਿਰਾ ਵੀ ਉੱਪਰ ਉੱਠ ਜਾਂਦਾ ਹੈ। ਇਸ ਦਾ ਇਕ ਹੋਰ ਰੂਪਕ ਝੂਲਦੇ ਹੋਏ ਪੈਂਡੂਲਮ ਦਾ ਹੈ। ਜਦੋਂ ਉਹ ਇਕ ਪਾਸੇ ਜਾਂਦਾ ਹੈ ਤਾਂ ਉਸਨੇ ਵਿਪਰੀਤ ਦਿਸ਼ਾ ਵਿੱਚ ਵੀ ਆਪ ਹੀ ਜਾਣਾ ਹੁੰਦਾ ਹੈ।

ਧਰੁਵੀਤਾ ਦੇ ਸਿਧਾਂਤ ਅਨੁਸਾਰ ਕੋਵਿਡ ਮਹਾਂਮਾਰੀ ਦਾ ਦਰਦ ਸਮੇਂ ਦੇ ਨਾਲ ਆਨੰਦ ਵਿੱਚ ਬਦਲ ਜਾਏਗਾ ਅਤੇ ਇਤਿਹਾਸ ਸਾਨੂੰ ਦੱਸਦਾ ਹੈ ਇਹੋ ਜਿਹੀਆਂ ਕਠਿਨ ਸਥਿਤੀਆਂ ਨੇ ਸਾਨੂੰ ਬਿਹਤਰ ਵਿਗਿਆਨ ਅਤੇ ਉਦਯੋਗਾਂ ਦੇ ਮਾਧਿਅਮ ਰਾਹੀਂ ਅਨੰਦਿਤ ਵੀ ਕੀਤਾ ਹੈ। ਸਿਰੇ ਦੀਆਂ ਵਿਪਰੀਤ ਸਥਿਤੀਆਂ, ਜਿਵੇਂ ਕਰੋਨਾ ਮਹਾਂਮਾਰੀ ਆਦਿ ਵਿੱਚ ਅੰਤਰਾਤਮਾ ਵੱਲ ਯਾਤਰਾ ਨੂੰ ਤੇਜ਼ ਕਰਨ ਦੀ ਸਮਰੱਥਾ ਹੈ।

ਸ੍ਰੀ ਕ੍ਰਿਸ਼ਨ ਸਾਨੂੰ ਇਨ੍ਹਾਂ ਅਟੱਲਤਾਵਾਂ (ਵਿਰੋਧਾਂ) ਨੂੰ ਪਾਰ ਕਰਨ ਲਈ ਕਹਿੰਦੇ ਹਨ। ਵਰਤਮਾਨ ਵਿੱਚ ਹੋਣਾ, ਅਤੀਤ ਤੇ ਭਵਿੱਖ ਤੋਂ ਪਰ੍ਹੇ ਹੈ। ਇਸੇ ਤਰ੍ਹਾਂ ਬਿਨਾਂ ਸ਼ਰਤ ਪਿਆਰ, ਸ਼ਰਤ ਸਹਿਤ ਪਿਆਰ ਅਤੇ ਨਫ਼ਰਤ ਨੂੰ ਪਾਰ ਕਰਨਾ ਹੈ।

ਸਾਨੂੰ ਕੇਵਲ ਅਜਿਹੇ ਵਿਰੋਧਾਂ ਦੇ ਬਾਰੇ ਵਿੱਚ ਜਾਗਰੂਕ ਹੋਣ ਦੀ ਲੋੜ ਹੈ, ਤੇ ਜਦੋਂ ਅਸੀਂ ਇਨ੍ਹਾਂ ਦੇ ਵਿਚਕਾਰ ਝੂਲ ਰਹੇ ਹੋਈਏ ਤਾਂ ਉਨ੍ਹਾਂ ਦੀ ਘੋਖ ਕਰੀਏ। ਜਦੋਂ ਤੱਕ ਅਸੀਂ ਜਿੰਦਾ ਹਾਂ, ਇਨ੍ਹਾਂ ਵਿਰੋਧਾਂ ਦੇ ਸੰਪਰਕ ਵਿੱਚ ਆਉਣਾ ਸੁਭਾਵਕ ਹੈ, ਅਤੇ ਇਹੋ ਜਾਗਰੂਕਤਾ ਸਾਨੂੰ ਇਨ੍ਹਾਂ ਨੂੰ ਪਾਰ ਕਰਨ ਵਿੱਚ ਮਦਦ ਕਰੇਗੀ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ