27. ਸਦਭਾਵ ਅਤੇ ਤਾਲਮੇਲ

ਸ੍ਰੀ ਕ੍ਰਿਸ਼ਨ ਸਵਧਰਮ ਦੀ ਵਿਆਖਿਆ ਕਰਦੇ ਹਨ (2.31-2.37) ਅਤੇ ਅਰਜਨ ਨੂੰ ਦੱਸਦੇ ਹਨ ਕਿ ਇਸ ਤਰ੍ਹਾਂ ਦੀ ਅਣਚਾਹੀ ਲੜਾਈ ਸਵਰਗ ਦੇ ਦੁਆਰ ਖੋਲ੍ਹਦੀ ਹੈ (2.32) ਅਤੇ ਇਸ ਤੋਂ ਭੱਜ ਜਾਣ ਨਾਲ ਸਵਧਰਮ ਅਤੇ ਪ੍ਰਸਿੱਧੀ ਦਾ ਨੁਕਸਾਨ ਹੋਵੇਗਾ, ਅਤੇ ਪਾਪ ਦੇ ਭਾਗੀ ਬਣੋਗੇ (2.33)। ਯੁੱਧ ਦੇ ਮੈਦਾਨ ਵਿੱਚ ਅਰਜਨ ਨੂੰ ਦਿੱਤੀ ਗਈ ਇਸ ਸਲਾਹ ਨੂੰ ਸਹੀ ਸੰਦਰਭ ਵਿੱਚ ਦੇਖਣ ਦੀ ਲੋੜ ਹੈ। ਅਸਲ ਵਿੱਚ ਇੱਥੇ ਸ੍ਰੀ ਕ੍ਰਿਸ਼ਨ ਸਵਧਰਮ ਨਾਲ ਮਿਲਾਪ ਅਤੇ ਤਾਲਮੇਲ ਦੀ ਗੱਲ ਕਰ ਰਹੇ ਹਨ, ਨਾ ਕਿ ਕਿਸੇ ਯੁੱਧ ਦੇ ਬਾਰੇ।

ਸ੍ਰੀ ਕ੍ਰਿਸ਼ਨ ਵੇਖਦੇ ਹਨ ਕਿ ਅਰਜਨ ਦੇ ਵਿਚਾਰਾਂ, ਵਚਨਾਂ ਅਤੇ ਕਾਰਜਾਂ ਵਿੱਚ ਤਾਲਮੇਲ ਨਹੀਂ ਹੈ। ਉਹ ਅਰਜਨ ਵਿੱਚ ਸੁਮੇਲਤਾ ਲਿਆਉਣ ਦੀ ਦਿਸ਼ਾ ਵਿੱਚ ਮਾਰਗ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਰਜਨ ਦੇ ਮਾਮਲੇ ਵਿੱਚ ਸਵਧਰਮ ਅਨੁਸਾਰ ਯੁੱਧ ਲੜਨ ਵਿੱਚ ਹੀ ਸੁਮੇਲਤਾ ਹੈ ਅਤੇ ਯੁੱਧ ਤੋਂ ਭੱਜ ਜਾਣ ਵਿੱਚ ਬੇਮੇਲਤਾ ਦੀ ਸਥਿਤੀ ਹੈ।

ਅਸਲ ਵਿੱਚ ਤਾਲਮੇਲ ਸਿਰਜਣਾ ਦਾ ਨਿਯਮ ਹੈ, ਜਿੱਥੇ ਸਭ ਤੋਂ ਛੋਟੇ ਇਲੈਕਟ੍ਰਾਨ, ਪ੍ਰੋਟਾਨ ਤੇ ਨਿਊਟ੍ਰਾਨ ਤੋਂ ਲੈ ਕੇ ਸਭ ਤੋਂ ਵੱਡੀ ਅਕਾਸ਼ ਗੰਗਾ, ਗ੍ਰਹਿ ਅਤੇ ਤਾਰੇ ਸਭ ਤਾਲਮੇਲ ਅਧੀਨ ਹਨ। ਅਸੀਂ ਆਪਣੇ ਮਨਪਸੰਦ ਸੰਗੀਤ ਦਾ ਅਨੰਦ ਉਦੋਂ ਹੀ ਲੈ ਸਕਦੇ ਹਾਂ ਜਦੋਂ ਰੇਡੀਓ ਤੇ ਰੇਡੀਓ ਸਟੇਸ਼ਨ ਵਿੱਚ ਤਾਲਮੇਲ ਹੋਵੇ। ਇੰਨੇ ਸਾਰੇ ਅੰਗਾਂ ਤੇ ਰਸਾਇਣਾਂ ਦਾ ਬਣਿਆ ਹੋਇਆ ਮਨੁੱਖੀ ਸਰੀਰ ਤਾਲਮੇਲ ਦੀ ਸਭ ਤੋਂ ਵੱਡੀ ਉਦਾਹਰਣ ਹੈ, ਜਿਸ ਦੀ ਸਵੈਚਾਲਿਤ ਕਾਰਜ ਪ੍ਰਣਾਲੀ ਸਾਨੂੰ ਮਨੁੱਖ ਬਣਾਉਂਦੀ ਹੈ। ਤਾਲਮੇਲ ਵਸਤਾਂ ਅਤੇ ਸਥਿਤੀਆਂ ਦੀ ਉਹ ਦਸ਼ਾ ਦਰਸਾਉਂਦਾ ਹੈ ਜਿਵੇਂ ਦੀਆਂ ਉਹ ਹਨ, ਨਾ ਕਿ ਜਿਸ ਤਰ੍ਹਾਂ ਦੀਆਂ ਅਸੀਂ ਚਾਹੁੰਦੇ ਹੁੰਦੇ ਹਾਂ।

ਸਾਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਚੰਗੇ ਕੀਤੇ ਕੰਮ ਸਾਨੂੰ ਮੌਤ ਤੋਂ ਬਾਅਦ ਸਵਰਗ ਵਿੱਚ ਲੈ ਕੇ ਜਾਂਦੇ ਹਨ ਅਤੇ ਬੁਰੇ ਕੰਮ ਸਾਨੂੰ ਨਰਕਾਂ ਵਿੱਚ ਲੈ ਜਾਂਦੇ ਹਨ। ਸ੍ਰੀ ਕ੍ਰਿਸ਼ਨ ਇਹ ਸੰਕੇਤ ਕਰਦੇ ਹਨ ਕਿ ਸਵਰਗ ਤੇ ਨਰਕ ਜੀਵਨ ਤੋਂ ਬਾਅਦ ਦੇ ਸਥਾਨ ਨਹੀਂ ਹਨ, ਪਰੰਤੂ ਇੱਥੇ ਸਾਡੇ ਸਾਹਮਣੇ ਮੌਜੂਦ ਹਨ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕਿਸੇ ਨੂੰ ਉਸ ਦੀ ਯੋਗਤਾ ਦੇ ਅਨੁਸਾਰ ਮੌਕੇ ਮਿਲਦੇ ਹਨ ਜਾਂ ਨਹੀਂ।

ਜਦੋਂ ਅਸੀਂ ਦੂਜਿਆਂ ਦੇ ਸਵਧਰਮਾਂ ਨੂੰ ਸਮਝਦੇ ਹਾਂ, ਤਾਂ ਪਰਿਵਾਰਾਂ, ਕਾਰਜ ਸਥਾਨਾਂ ਅਤੇ ਰਿਸ਼ਤਿਆਂ ਵਿੱਚ ਤਾਲਮੇਲ ਪੈਦਾ ਹੁੰਦਾ ਹੈ, ਜੋ ਸਵਰਗ ਹੈ, ਅਤੇ ਇਸ ਦਾ ਅਭਾਵ ਨਰਕ ਹੈ। ਸਾਡੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਜਾਂ ਨਹੀਂ, ਇਸਦੇ ਆਧਾਰ ਉੱਤੇ ਹੀ ਅਸੀਂ ਸੁੱਖ ਜਾਂ ਦੁੱਖ ਨੂੰ ਅਨੁਭਵ ਕਰਦੇ ਹਾਂ। ਜਦੋਂ ਸਵਧਰਮ ਦੇ ਨਾਲ ਅੰਦਰੂਨੀ ਤਾਲਮੇਲ ਸਥਾਪਤ ਹੋ ਜਾਂਦਾ ਹੈ ਤਾਂ ਇਹ ਬਾਹਰੀ ਦੁਨੀਆਂ ਦੀ ਪਰਵਾਹ ਕੀਤੇ ਬਿਨਾਂ ਸਵਰਗ ਦੇ ਸਮਾਨ ਹੈ।


Comments

Popular posts from this blog

34. ਕਰਮ ਤੇ ਕੇਂਦਰਿਤ ਹੋਵੋ ਕਰਮਫਲ ਤੇ ਨਹੀਂ

38. ਕਿਰਿਆ ਤੇ ਪ੍ਰਤੀਕਿਰਿਆ

135. ਯੋਗ ਮਾਇਆ