29. ਸੰਤੁਲਨ ਹੀ ਪਰਮਾਨੰਦ
ਗੀਤਾ ਦਾ ਸਲੋਕ ਇਸ ਦੇ ਸੰਪੂਰਨ ਸਾਰ ਨੂੰ ਦਰਸਾਉਂਦਾ ਹੈ। ਸ੍ਰੀ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਜੇ ਉਹ ਸੁੱਖ ਤੇ ਦੁੱਖ, ਲਾਭ ਅਤੇ ਹਾਨੀ, ਜਿੱਤ ਤੇ ਹਾਰ ਨੂੰ ਇਕ ਸਮਾਨ ਸਮਝ ਕੇ ਯੁੱਧ ਕਰੇ ਤਾਂ ਉਸ ਨੂੰ ਕੋਈ ਪਾਪ ਨਹੀਂ ਲੱਗੇਗਾ। ਇੱਥੇ ਇਹ ਵਿਚਾਰਨ ਯੋਗ ਹੈ ਕਿ ਇੱਥੇ ਸਮਾਨਤਾ ਦਾ ਸੰਦਰਭ ਯੁੱਧ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੇ ਕਰਮ ਉੱਤੇ ਲਾਗੂ ਹੁੰਦਾ ਹੈ (2.38)।
ਇਹ ਸਲੋਕ ਸਿਰਫ਼ ਇੰਨਾ ਦੱਸਦਾ ਹੈ ਕਿ ਸਾਡੇ ਹਰ ਤਰ੍ਹਾਂ ਦੇ ਕਰਮ
ਪ੍ਰੇਰਿਤ ਹੁੰਦੇ ਹਨ ਅਤੇ ਇਹੋ ਪ੍ਰੇਰਣਾ ਕਰਮ ਨੂੰ ਅਸ਼ੁੱਧ ਜਾਂ ਪਾਪ ਬਣਾਉਂਦੀ ਹੈ। ਅਸੀਂ ਸ਼ਾਇਦ ਹੀ
ਕੋਈ ਅਜਿਹਾ ਕਰਮ ਬਾਰੇ ਜਾਣਦੇ ਹਾਂ ਜਾਂ ਕਰਦੇ ਹਾਂ ਜੋ ਸੁੱਖ, ਲਾਭ ਜਾਂ ਜਿੱਤ ਪ੍ਰਾਪਤ ਕਰਨ ਲਈ ਜਾਂ ਦੁੱਖ, ਹਾਨੀ ਜਾਂ ਹਾਰ ਤੋਂ
ਬਚਣ ਲਈ ਹੋਵੇ।
ਸੰਖਿਆ ਤੇ ਕਰਮਯੋਗ ਦੀ ਦ੍ਰਿਸ਼ਟੀ ਤੋਂ ਕਿਸੇ ਵੀ ਕਰਮ ਨੂੰ ਤਿੰਨ ਭਾਗਾਂ
ਵਿੱਚ ਵੰਡਿਆ ਜਾ ਸਕਦਾ ਹੈ—ਕਰਤਾ, ਕਾਰਜ ਅਤੇ ਕਰਮ ਫਲ। ਸ੍ਰੀ ਕ੍ਰਿਸ਼ਨ ਨੇ ਕਰਮਫਲ ਨੂੰ ਸੁੱਖ/ਦੁੱਖ, ਲਾਭ/ਹਾਨੀ, ਅਤੇ ਜਿੱਤ/ਹਾਰ
ਵਿੱਚ ਵੰਡਿਆ ਹੈ।
ਸ੍ਰੀ ਕ੍ਰਿਸ਼ਨ ਇਸ ਸਲੋਕ ਵਿੱਚ ਸਮਤਾ (ਸਮਾਨਤਾ) ਪ੍ਰਾਪਤ ਕਰਨ ਲਈ
ਇਨ੍ਹਾਂ ਤਿੰਨਾਂ ਨੂੰ ਵੱਖ-ਵੱਖ ਕਰਨ ਦਾ ਸੰਕੇਤ ਦੇ ਰਹੇ ਹਨ। ਇਕ ਢੰਗ ਇਸ ਦਾ ਇਹ ਹੈ ਕਿ ਅਸੀਂ
ਆਪਣੇ ਕਰਤਾਪਣ ਨੂੰ ਛੱਡ ਕੇ ਸਾਖਸ਼ੀ ਬਣ ਜਾਈਏ ਅਤੇ ਮਨ ਵਿੱਚ ਇਹ ਅਹਿਸਾਸ ਲਿਆਈਏ ਕਿ ਇਸ ਜੀਵਨ
ਰੂਪੀ ਨਾਟਕ ਵਿੱਚ ਅਸੀਂ ਬਹੁਤ ਛੋਟੀ ਜਿਹੀ ਭੂਮਿਕਾ ਹੀ ਨਿਭਾਅ ਰਹੇ ਹਾਂ। ਦੂਜਾ ਢੰਗ ਇਹ ਮਹਿਸੂਸ
ਕਰਨਾ ਹੈ ਕਿ ਕਰਮਫਲ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਸਾਡੇ ਆਪਣੇ ਯਤਨਾਂ ਤੋਂ
ਇਲਾਵਾ ਹੋਰ ਵੀ ਕਈ ਕਾਰਕਾਂ ਦਾ ਸੰਯੋਜਨ ਹੈ।
ਕਰਤਾਪਣ ਤੇ ਕਰਮਫਲ ਨੂੰ ਛੱਡਣ ਦੇ ਮਾਰਗ ਆਪਸ ਵਿੱਚ ਜੁੜੇ ਹੋਏ ਹਨ ਅਤੇ
ਕਿਸੇ ਵਿੱਚ ਉੱਨਤੀ ਦੂਜੇ ਵਿੱਚ ਵੀ ਉੱਨਤੀ ਨੂੰ ਲੈ ਕੇ ਆਵੇਗੀ। ਜੇ ਚੇਸ਼ਟਾ (ਕਰਮ) ਦੀ ਗੱਲ ਕੀਤੀ
ਜਾਵੇ ਤਾਂ ਇਹ ਸਾਡੇ ਧਰਤੀ ਉੱਤੇ ਪ੍ਰਗਟ ਹੋਣ ਤੋਂ ਪਹਿਲਾਂ ਹੀ ਮੌਜੂਦ ਸੀ। ਨਾ ਤਾਂ ਇਸ ਉੱਤੇ
ਆਪਣਾ ਅਧਿਕਾਰ ਜਤਾਇਆ ਜਾ ਸਕਦਾ ਹੈ ਤੇ ਨਾ ਹੀ ਇਸ ਦੇ ਨਤੀਜਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਇਸ ਸਲੋਕ ਨੂੰ ਭਗਤੀ ਯੋਗ ਦੀ ਦ੍ਰਿਸ਼ਟੀ ਤੋਂ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਪ੍ਰੇਮ ਭਾਵ
ਹੀ ਸਭ ਕੁੱਝ ਹੈ। ਸ੍ਰੀ ਕ੍ਰਿਸ਼ਨ ਕਰਮ ਤੋਂ ਜ਼ਿਆਦਾ ਭਾਵ ਨੂੰ ਪਹਿਲ ਦਿੰਦੇ ਹਨ। ਇਹ ਅੰਦਰੂਨੀ
ਸਮਰਪਣ ਅਵੱਸ਼ ਹੀ ਸਮਤਾ (ਸਮਾਨਤਾ) ਲਿਆਉਂਦਾ ਹੈ।
ਵਿਅਕਤੀ ਦੀ ਆਪਣੀ ਮਨੋਦਸ਼ਾ ਦੇ ਆਧਾਰ ਉੱਤੇ ਉਹ ਆਪਣਾ ਮਾਰਗ ਆਪ ਚੁਣ
ਸਕਦਾ ਹੈ। ਦ੍ਰਿਸ਼ਟੀਕੋਣ ਕੋਈ ਵੀ ਹੋਵੇ, ਕੇਵਲ ਇਸ ਸਲੋਕ ਦਾ ਧਿਆਨ ਕਰਨ ਨਾਲ ਵਿਅਕਤੀ ਅਹੰਕਾਰ ਤੋਂ ਮੁਕਤੀ ਪਾ
ਕੇ ਅੰਤਰਆਤਮਾ ਨੂੰ ਪ੍ਰਾਪਤ ਕਰ ਸਕਦਾ ਹੈ।
Comments
Post a Comment