37. ਉਹੀ ਅਰਜਨ ਉਹੀ ਅਰਜਨ ਦੇ ਬਾਣ
‘ਉਹੀ ਅਰਜਨ ਤੇ ਉਹੀ ਅਰਜਨ ਦੇ ਬਾਣ’ ਨੂੰ ਇਕ ਮੁਹਾਵਰੇ ਵਜੋਂ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਅਜਿਹੀ ਸਥਿਤੀ ਦਾ ਵਰਣਨ ਕਰਦੇ ਸਮੇਂ ਕੀਤੀ ਜਾਂਦੀ ਹੈ, ਜਦੋਂ ਇਕ ਸਫ਼ਲ ਤੇ ਸਮਰੱਥ ਵਿਅਕਤੀ ਆਪਣਾ ਕੰਮ ਪੂਰਾ ਕਰਨ ਵਿੱਚ ਫੇਲ੍ਹ ਹੋ ਜਾਂਦਾ ਹੈ।
ਇਕ ਯੋਧੇ ਦੇ ਰੂਪ ਵਿੱਚ ਅਰਜਨ ਕਦੇ ਵੀ ਯੁੱਧ ਨਹੀਂ ਹਾਰਿਆ। ਆਪਣੇ
ਜੀਵਨ ਦੇ ਦੂਜੇ ਅੱਧ ਵਿੱਚ ਉਹ ਇਕ ਛੋਟੀ ਜਿਹੀ ਲੜਾਈ ਹਾਰ ਗਏ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਕੁੱਝ
ਮੈਂਬਰਾਂ ਨੂੰ ਡਾਕੂਆਂ ਦੇ ਇਕ ਸਮੂਹ ਤੋਂ ਬਚਾਉਣਾ ਸੀ। ਉਹ ਇਸ ਸਥਿਤੀ ਨੂੰ ਆਪਣੇ ਭਰਾ ਨੂੰ
ਸਮਝਾਉਂਦੇ ਹੋਏ ਕਹਿੰਦੇ ਹਨ, ‘‘ਮੈਨੂੰ ਨਹੀਂ ਪਤਾ ਕਿ ਕੀ ਹੋਇਆ। ਮੈਂ ਉਹੀ ਅਰਜਨ ਹਾਂ ਤੇ ਮੇਰੇ ਬਾਣ
(ਤੀਰ) ਵੀ ਉਹੀ ਹਨ, ਜਿਨ੍ਹਾਂ ਨੇ ਕੁਰੂਕਸ਼ੇਤਰ ਦਾ ਯੁੱਧ ਜਿੱਤਿਆ ਸੀ, ਪਰ ਇਸ ਵਾਰ ਮੇਰੇ ਬਾਣਾਂ ਨੂੰ ਨਾ ਤਾਂ ਆਪਣਾ ਨਿਸ਼ਾਨਾ
ਹੀ ਮਿਲਿਆ ਅਤੇ ਨਾ ਹੀ ਉਨ੍ਹਾਂ ਵਿੱਚ ਉਹ ਸ਼ਕਤੀ ਸੀ’’। ਉਨ੍ਹਾਂ ਨੇ ਸਮਝਾਇਆ ਕਿ ਉਨ੍ਹਾਂ ਨੂੰ ਉੱਥੋਂ ਭੱਜਣਾ
ਪਿਆ ਤੇ ਉਹ ਪਰਿਵਾਰ ਦੀ ਰੱਖਿਆ ਨਹੀਂ ਕਰ ਸਕੇ।
ਜੀਵਨ ਦਾ ਅਨੁਭਵ ਦੱਸਦਾ ਹੈ ਕਿ ਅਜਿਹਾ ਸਾਡੇ ਵਿੱਚੋਂ ਕਿਸੇ ਨਾਲ ਵੀ
ਵਾਪਰ ਸਕਦਾ ਹੈ। ਕਈ ਵਾਰ ਕਈ ਬਹੁਤ ਮਸ਼ਹੂਰ ਖਿਲਾੜੀ ਆਪਣੀ ਸ਼ੈਲੀ ਜਾਂ ਤਰੀਕਾ ਖੋ ਦਿੰਦੇ ਹਨ। ਇਕ
ਚੰਗਾ ਐਕਟਰ ਤੇ ਗਾਇਕ ਅਸਫ਼ਲ ਹੋ ਜਾਂਦਾ ਹੈ। ਇਸ ਦਾ ਦੋਸ਼ ਕਿਸਮਤ ਜਾਂ ਬੁਰੇ ਵਕਤ ਨੂੰ ਦਿੱਤਾ
ਜਾਂਦਾ ਹੈ ਤੇ ਨਿਸ਼ਚਿਤ ਰੂਪ ਵਿੱਚ ਇਹ ਕੋਈ ਵੀ ਨਹੀਂ ਜਾਣਦਾ ਕਿ ਇਹ ਕਿਉਂ ਵਾਪਰਿਆ। ਅਨੁਮਾਨਾਂ ਤੇ
ਸ਼ੰਕਿਆਂ ਨੂੰ ਛੱਡ ਕੇ ਇਸ ਲਈ ਕੋਈ ਵਿਗਿਆਨਕ ਵਿਆਖਿਆ ਵੀ ਨਹੀਂ ਹੈ।
ਇਸ ਸੰਦਰਭ ਵਿੱਚ, ਕਰਮ ਅਤੇ ਕਰਮਫਲ ਦੇ ਸੰਬੰਧਾਂ ਦੇ ਬਾਰੇ ਵਿੱਚ ਦੱਸਦੇ
ਹੋਏ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ‘ਦੈਵਮ’ (ਪ੍ਰਮਾਤਮਾ ਦਾ ਅਸ਼ੀਰਵਾਦ ਤੇ ਯੋਗਦਾਨ) ਇਕ ਕਾਰਕ ਹੈ ਜਿਹੜਾ ਕਰਮ ਨੂੰ ਪੂਰਾ ਕਰਨ ਵਿੱਚ ਸਹਾਈ ਹੁੰਦਾ ਹੈ
(18.14)। ‘ਦੈਵਮ’ ਇਕ ਪ੍ਰਕਾਰ ਦਾ
ਵਿਸ਼ੇਸ਼ ਗੁਣ ਹੈ, ਜਿਹੜਾ ਇਸ ਪ੍ਰਗਟ ਸੰਸਾਰਿਕ ਦ੍ਰਿਸ਼ਟੀਕੋਣ ਤੋਂ ਵੱਖਰਾ ਹੈ। ਇਹੋ ਕਾਰਣ ਹੈ ਕਿ ਸ੍ਰੀ ਕ੍ਰਿਸ਼ਨ
ਕਹਿੰਦੇ ਹਨ ਕਿ ਕਰਮ ਉੱਤੇ ਤੁਹਾਡਾ ਅਧਿਕਾਰ ਹੈ, ਕਰਮਫਲ ਉੱਤੇ ਨਹੀਂ।
ਹਸਤ ਰੇਖਾ ਵਿਗਿਆਨ, ਜੋਤਿਸ਼ ਅਤੇ ਸੂਰਜੀ ਰਾਸ਼ੀਆਂ ਜਿਹੀ ਵਿੱਦਿਆ ਨੂੰ ਵੀ
ਮੰਨਿਆ ਜਾਂਦਾ ਹੈ ਪਰ ਇਨ੍ਹਾਂ ਵਿੱਚੋਂ ਕੋਈ ਵੀ ‘ਦੈਵਮ’ ਨਹੀਂ ਹੈ। ਇਸੇ ਤਰ੍ਹਾਂ ਹੋਰ ਵੀ ਕੋਈ ਵਿਗਿਆਨਕ ਸਿਧਾਂਤ
ਨਹੀਂ ਹੈ ਜਿਸ ਦੇ ਆਧਾਰ ਉੱਤੇ ‘ਦੈਵਮ’ ਦੀ ਭਵਿੱਖਬਾਣੀ’ ਕੀਤੀ ਜਾ ਸਕੇ।
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਅਸੀਂ ਸਾਰੇ ਨਿਮਿੱਤ ਮਾਤਰ ਹਾਂ, ਉਸ ਸਰਬ ਸ਼ਕਤੀਮਾਨ
ਦੀ ਅਸੀਮ ਰਚਨਾ ਦਾ ਇਕ ਬਹੁਤ ਹੀ ਛੋਟਾ ਜਿਹਾ ਭਾਗ (11.33)। ਅਸਫ਼ਲਤਾ ਸਾਨੂੰ ਦੁੱਖ ਨਹੀਂ ਪਹੁੰਚਾਏਗੀ ਜੇਕਰ ਅਸੀਂ
ਸਫ਼ਲਤਾ ਮਿਲਣ ਉੱਤੇ ਅਹੰਕਾਰ ਪੈਦਾ ਨਾ ਹੋਣ ਦਈਏ, ਕਿਉਂਕਿ ਇਹ ਦੋਵੇਂ ਹੀ ਦੈਵਮ ਤੋਂ ਪ੍ਰਭਾਵਿਤ ਹੁੰਦੇ
ਹਨ।
Comments
Post a Comment