49. ਸਥਿਤ ਪ੍ਰਗਨਾ ਇਕ ਅੰਦਰੂਨੀ ਵਰਤਾਰਾ ਹੈ
ਅਰਜਨ ਦੇ ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਥਿਤ ਪ੍ਰਗਨਾ ਆਪਣੇ ਆਪ ਵਿੱਚ ਸੰਤੁਸ਼ਟ ਹੁੰਦਾ ਹੈ (2.55)। ਦਿਲਚਸਪ ਗੱਲ ਇਹ ਹੈ ਕਿ ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਸਵਾਲ ਦੇ ਦੂਜੇ ਭਾਗ ਵਿੱਚ ਉੱਤਰ ਨਹੀਂ ਦਿੱਤਾ ਕਿ ਸਥਿਤ ਪ੍ਰਗਨਾ ਕਿਵੇਂ ਬੋਲਦਾ ਹੈ, ਬੈਠਦਾ ਹੈ ਤੇ ਕਿਵੇਂ ਚੱਲਦਾ ਹੈ।
‘ਆਪਣੇ ਆਪ ਦੇ ਨਾਲ ਸੰਤੁਸ਼ਟੀ’ ਸ਼ੁੱਧ ਰੂਪ ਵਿੱਚ ਇਕ ਆਂਤਰਿਕ ਘਟਨਾ ਹੈ ਅਤੇ ਬਾਹਰੀ ਵਿਹਾਰ ਦੇ ਆਧਾਰ ’ਤੇ ਇਸ ਨੂੰ ਮਾਪਣ ਦਾ ਕੋਈ ਢੰਗ ਨਹੀਂ ਹੈ। ਹੋ ਸਕਦਾ ਹੈ ਕਿ ਦਿੱਤੀਆਂ ਗਈਆਂ ਪ੍ਰਸਥਿਤੀਆਂ ਵਿੱਚ ਇਕ ਅਗਿਆਨੀ ਅਤੇ ਇਕ ਸਥਿਤ ਪ੍ਰਗਨਾ, ਦੋਵੇਂ ਇਕ ਹੀ ਸ਼ਬਦ ਬੋਲਣ ਅਤੇ ਇਕ ਹੀ ਢੰਗ ਨਾਲ ਬੈਠਣ ਤੇ ਚੱਲਣ। ਅਜਿਹੀ ਸਥਿਤੀ ਵਿੱਚ ਸਥਿਤ ਪ੍ਰਗਨਾ ਦੀ ਸਾਡੀ ਸਮਝ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ।
ਸ੍ਰੀ ਕ੍ਰਿਸ਼ਨ ਦਾ ਆਪਣਾ ਜੀਵਨ ਸਥਿਤ ਪ੍ਰਗਨਾ ਦੇ ਜੀਵਨ ਦਾ ਇਕ ਸਰਵੋਤਮ ਉਦਾਹਰਨ ਹੈ। ਜਨਮ ਦੇ ਸਮੇਂ ਉਹ ਆਪਣੇ ਮਾਤਾ-ਪਿਤਾ ਤੋਂ ਵੱਖ ਹੋ ਜਾਂਦੇ ਹਨ। ਉਨ੍ਹਾਂ ਨੂੰ ‘ਮੱਖਣ ਚੋਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਾਸਲੀਲਾ, ਨਾਚ ਅਤੇ ਬਾਂਸਰੀ ਪੌਰਾਣਿਕ ਹੈ, ਪਰੰਤੂ ਜਦੋਂ ਉਨ੍ਹਾਂ ਨੇ ਬਿੰਦਰਾਵਣ ਨੂੰ ਛੱਡਿਆ ਤਾਂ ਉਹ ਰਾਸਲੀਲਾ ਦੀ ਤਲਾਸ਼ ਵਿੱਚ ਕਦੇ ਵੀ ਵਾਪਸ ਨਹੀਂ ਆਏ। ਉਹ ਲੋੜ ਪੈਣ ਤੇ ਲੜੇ, ਪਰ ਕਈ ਵਾਰ ਯੁੱਧ ਤੋਂ ਬੱਚਦੇ ਰਹੇ ਅਤੇ ਇਸ ਲਈ ਉਨ੍ਹਾਂ ਨੂੰ ਰਣ ਛੋੜ ਦਾਸ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਕਈ ਚਮਤਕਾਰ ਵਿਖਾਏ ਅਤੇ ਉਹ ਦੋਸਤਾਂ ਦੇ ਦੋਸਤ ਰਹੇ। ਜਦੋਂ ਵਿਆਹ ਕਰਨ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਵਿਆਹ ਕੀਤਾ ਤੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕੀਤਾ। ਚੋਰੀ ਦੇ ਝੂਠੇ ਅਰੋਪਾਂ ਨੂੰ ਦੂਰ ਕਰਨ ਲਈ ‘ਸਾਮੰਤਕਮਣੀ’ ਦਾ ਪਤਾ ਲਗਾਇਆ ਅਤੇ ਜਦੋਂ ਗੀਤਾ ਗਿਆਨ ਦੇਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਗਿਆਨ ਦਿੱਤਾ। ਇਕ ਸਧਾਰਨ ਵਿਅਕਤੀ ਦੀ ਤਰ੍ਹਾਂ ਹੀ ਉਨ੍ਹਾਂ ਦੀ ਮੌਤ ਵੀ ਹੋਈ।
ਸਭ ਤੋਂ ਪਹਿਲਾਂ, ਉਨ੍ਹਾਂ ਦੇ ਜੀਵਨ ਦਾ ਕੋਈ ਬਾਹਰੀ ਆਦਰਸ਼ ਨਹੀਂ ਸੀ, ਪਰ ਉਨ੍ਹਾਂ ਦਾ ਅੰਦਰੂਨੀ ਆਦਰਸ਼ ਸੀ—ਵਰਤਮਾਨ ਵਿੱਚ ਜਿਊਣਾ। ਦੂਜਾ, ਜ਼ਿੰਦਗੀ ਦੀਆਂ ਕਠਿਨ ਹਾਲਤਾਂ ਦੇ ਬਾਵਜੂਦ ਉਨ੍ਹਾਂ ਦਾ ਜੀਵਨ ਅਨੰਦ ਅਤੇ ਜਸ਼ਨਾਂ ਨਾਲ ਭਰਭੂਰ ਸੀ ਉਨ੍ਹਾਂ ਅਨੁਸਾਰ ਕਠਿਨ ਹਾਲਤਾਂ ਅਨਿਤਯ (ਥੋੜ੍ਹ ਚਿਰੀਆਂ) ਹੁੰਦੀਆਂ ਹਨ। ਤੀਜਾ, ਜਿਵੇਂ ਕਿ ਸਲੋਕ 2.47 ਵਿੱਚ ਉਲੇਖ ਕੀਤਾ ਗਿਆ ਹੈ, ਉਨ੍ਹਾਂ ਲਈ ਖੁਦ ਨਾਲ ਸੰਤੁਸ਼ਟੀ ਦਾ ਅਰਥ ਅਕਿਰਿਆਸ਼ੀਲਤਾ ਨਹੀਂ ਹੈ, ਸਗੋਂ ਇਹ ਕਰਤਾਪਣ ਦੀ ਭਾਵਨਾ ਅਤੇ ਕਰਮ ਫਲ ਦੀ ਉਮੀਦ ਤੋਂ ਬਗੈਰ ਕਰਮ ਕਰਨਾ ਹੈ।
ਮੂਲ ਰੂਪ ਵਿੱਚ ਇਹ ਅਤੀਤ ਦੇ ਕਿਸੇ ਬੋਝ ਜਾਂ ਭਵਿੱਖ ਦੀਆਂ ਕੋਈ ਉਮੀਦਾਂ ਤੋਂ ਬਿਨਾਂ ਵਰਤਮਾਨ ਛਿਣਾਂ ਵਿੱਚ ਜਿਊਣਾ ਹੈ। ਸ਼ਕਤੀ ਵਰਤਮਾਨ ਛਿਣਾਂ ਵਿੱਚ ਹੈ ਅਤੇ ਹੋਰ ਬਾਕੀ ਯੋਜਨਾਬੰਦੀ ਅਤੇ ਉਸ ਨੂੰ ਲਾਗੂ ਕਰਨਾ ਸਮੇਤ ਸਭ ਕੁੱਝ ਵਰਤਮਾਨ ਵਿੱਚ ਵਾਪਰਦਾ ਹੈ।
Comments
Post a Comment